ਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ। ਡਾ. ਰਤਨ ਸਿੰਘ ਜੱਗੀ ਨੇ ਦ੍ਰਿੜ ਇਰਾਦੇ ਨਾਲ ਆਪਣਾ ਸਮੁੱਚਾ ਜੀਵਨ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਭਗਤੀ ਲਹਿਰ ਸੰਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ ਸਮਰਪਿਤ ਕਰਕੇ ਭਰਪੂਰ ਯੋਗਦਾਨ ਪਾਇਆ।
ਡਾ. ਰਤਨ ਸਿੰਘ ਜੱਗੀ ਦਾ ਜਨਮ 27 ਜੁਲਾਈ 1927 ਨੂੰ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਦੇ ਪਿੰਡੀਘੇਬ ਕਸਬੇ ਵਿੱਚ ਹੋਇਆ। ਦੇਸ਼ ਵੰਡ ਤੋਂ ਬਾਦ ਅਤਿਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਾਰੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੀ ਅੱਗੇ ਪੜ੍ਹਨ ਦੀ ਤਮੰਨਾ ਨੂੰ ਦ੍ਰਿੜਤਾ ਨਾਲ ਪੂਰਿਆ ਅਤੇ ਦਿੱਲੀ ਜਾ ਕੇ ਐਮ.ਏ ਪੰਜਾਬੀ (1955) ਅਤੇ ਐਮ.ਏ ਹਿੰਦੀ (1957) ਦੇ ਇਮਤਿਹਾਨ ਪਾਸ ਕੀਤੇ ਅਤੇ ਪੱਤਰਕਾਰੀ ਵਿਚ ਵੀ ਡਿਪਲੋਮਾ ਹਾਸਲ ਕੀਤਾ। ਇਸ ਨਾਲ ਹੀ ਬੀ.ਏ. ਦੇ ਵਾਧੂ ਵਿਸ਼ੇ ਵਜੋਂ ਸੰਸਕ੍ਰਿਤ ਅਤੇ ਫਾਰਸੀ ਦੀਆਂ ਪਰੀਖਿਆਵਾਂ ਵੀ ਪਾਸ ਕੀਤੀਆਂ। ਇਸ ਵਿਦਿਅਕ ਪ੍ਰਾਪਤੀ ਤੋਂ ਬਾਦ 1957 ਵਿੱਚ ਹਿੰਦੂ ਕਾਲਜ, ਸੋਨੀਪਤ ਵਿਚ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਚੁਣ ਲਏ ਜਾਣ ‘ਤੇ ਸਰਕਾਰੀ ਕਾਲਜ, ਹਿਸਾਰ ਵਿਚ 1958 ਵਿੱਚ ਲੈਕਚਰਾਰ ਲੱਗੇ। ਤਦ ਉਪਰੰਤ ਸੰਨ 1963 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੰਜਾਬੀ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਸੰਨ 1987 ਵਿਚ ਉਥੋਂ ਹੀ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਅਤੇ ਮੁੱਖ ਸੰਪਾਦਕ ‘ਖੋਜ ਪਤ੍ਰਿਕਾ’ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾਮੁਕਤ ਹੋਏ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਦੀ ਗੂੜ੍ਹੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹਨਾਂ ਨੇ ਕਿਤਾਬਾਂ, ਟੀਕਾਕਾਰੀ ਅਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਵਿਆਪਕ ਅਤੇ ਗਿਆਨ ਭਰਪੂਰ ਯੋਗਦਾਨ ਪਾਇਆ।
ਉਹਨਾਂ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸ਼ਮ ਗ੍ਰੰਥ ਕੀ ਪੌਰਾਣਿਕ ਪਰਿਸ਼ਟਭੂਮੀ” (ਦਸ਼ਮ ਗ੍ਰੰਥ ਵਿਚਲੀਆਂ ਪੌਰਾਣਿਕ ਕ੍ਰਿਤੀਆਂ ਦਾ ਆਲੋਚਨਾਤਮਕ ਅਧਿਐਨ) ਵਿਸ਼ੇ ‘ਤੇ ਪੀ.ਐਚ.ਡੀ. ਕੀਤੀ ਅਤੇ “ਦਸ਼ਮ ਗ੍ਰੰਥ ਦਾ ਪੌਰਾਣਿਕ ਅਧਿਐਨ” ਨਾਮੀ ਪੁਸਤਕ 1965 ਵਿੱਚ ਸਾਹਿਤ ਜਗਤ ਦੀ ਝੋਲੀ ਪਾਈ, ਜਿਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਪੂਰ ਸ਼ਲਾਘਾ ਹਾਸਲ ਹੋਈ। 13 ਅਪ੍ਰੈਲ, 1999, ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਦੇ ਮੌਕੇ ਤੇ ਉਹਨਾਂ ਨੇ ਪੰਜ ਜਿਲਦਾਂ ਵਿੱਚ “ਦਸ਼ਮ ਗ੍ਰੰਥ ਦਾ ਟੀਕਾ” ਪੇਸ਼ ਕੀਤਾ। ਬਾਦ ਵਿੱਚ ਹਿੰਦੀ ਵਿੱਚ ਵੀ ਪੰਜ ਜਿਲਦਾਂ ਵਿੱਚ ਇਹ ਟੀਕਾ ਪੇਸ਼ ਕੀਤਾ। ਦੋਵੇਂ ਟੀਕੇ ਗੋਬਿੰਦ ਸਦਨ, ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ। ਉਹ ਦਸ਼ਮ ਗ੍ਰੰਥ ਦੇ ਗੂੜ੍ਹ ਗਿਆਤਾ ਸਨ ਅਤੇ ਇਸ ਵਿਸ਼ੇ ਤੇ ਅਥਾਰਟੀ ਵਜੋਂ ਜਾਣੇ ਜਾਂਦੇ ਸਨ।
ਡਾ. ਜੱਗੀ ਨੇ 1973 ਵਿੱਚ ਮਗਧ ਯੂਨੀਵਰਸਿਟੀ, ਬੋਧ-ਗਯਾ ਤੋਂ ਹਿੰਦੀ ਵਿੱਚ “ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” (ਗੁਰੂ ਨਾਨਕ: ਸ਼ਖਸੀਅਤ, ਰਚਨਾ ਅਤੇ ਸਿੱਖਿਆਵਾਂ) ਵਿਸ਼ੇ ‘ਤੇ ਡੀ.ਲਿਟ. ਦੀ ਡਿਗਰੀ ਹਾਸਲ ਕੀਤੀ। ਸਮਾਜ ਪ੍ਰਤੀ ਆਪਣੇ ਸਾਹਿਤਕ ਯੋਗਦਾਨ ਨੂੰ ਜਾਰੀ
2 ਰੱਖਦਿਆਂ ਅਤੇ ਹੋਰ ਪੂਰਨੇ ਪਾਉਂਦਿਆਂ ਉਹਨਾਂ ਨੇ ਸੇਵਾ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਕਿਤਾਬਾਂ ਲਿਖੀਆਂ । ਉਹਨਾਂ ਨੇ ਗੁਰੂ ਨਾਨਕ ਬਾਣੀ ਤੇ ਅਧਾਰਿਤ ਪਹਿਲੀ ਰਚਨਾ”ਗੁਰੂ ਨਾਨਕ:ਜੀਵਨੀ ਅਤੇ ਵਿਅਕਤਿਤਵ” ਅਤੇ ਦੂਜੀ ਪੁਸਤਕ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਪ੍ਰਕਾਸ਼ਿਤ ਕੀਤੀ ਅਤੇ ਇਹਨਾਂ ਦੋਵੇਂ ਰਚਨਾਵਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਲੋਂ ਰਚਿਤ ਪੁਸਤਕ “ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ” ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ।
ਪਵਿੱਤਰ ਗ੍ਰੰਥ “ਤੁਲਸੀ ਰਾਮਾਇਣ” (ਰਾਮ ਚਰਿਤ ਮਾਨਸ) ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ ਕਰਨਾ ਡਾ. ਰਤਨ ਸਿੰਘ ਜੱਗੀ ਵੱਲੋਂ ਸਾਹਿਤ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਵਿੱਚੋਂ ਅਤਿ ਮਹੱਤਵਪੂਰਨ ਹੈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1977 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਕਿਤਾਬ ਉਪਰ ਡਾ. ਜੱਗੀ ਨੂੰ 1989 ਵਿੱਚ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਡਾ. ਜੱਗੀ ਪੰਜਾਬੀ ਸਾਹਿਤ ਵਿੱਚ ਬਹੁਪੱਖੀ ਪ੍ਰਤਿਭਾ ਵਾਲੇ ਲੇਖਕ ਅਤੇ ਵਿਸ਼ਵਕੋਸ਼ੀ ਕਾਰਜਾਂ ਦੇ ਮਾਹਿਰ ਮੰਨੇ ਜਾਂਦੇ ਸਨ। ਉਨ੍ਹਾਂ ਨੇ ਪਹਿਲਾਂ ਵਿਸ਼ਵਕੋਸ਼ ‘ਸਾਹਿਤ ਕੋਸ਼’ ਸਾਲ 1989 ਵਿੱਚ ਤਿਆਰ ਕੀਤਾ ਜਿਸਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ। ਉਹਨਾਂ ਨੇ 1994 ਵਿੱਚ “ਪੰਜਾਬੀ ਸਾਹਿਤ ਸੰਦਰਭ ਕੋਸ਼” (ਪੰਜਾਬੀ ਸਾਹਿਤ ਦਾ ਹਵਾਲਾ ਕੋਸ਼) ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਸਾਲ 1998 ਤੋਂ 2002 ਤੱਕ ਅਣਥਕ ਮਿਹਨਤ ਕਰਕੇ ਡਾ. ਜੱਗੀ ਨੇ ਪੰਜ ਜਿਲਦਾਂ ਵਿੱਚ “ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ” ਤਿਆਰ ਕੀਤਾ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਵਿਸ਼ਵਕੋਸ਼ ਦੀ ਲੋੜ ਨੂੰ ਸਮਝਦੇ ਹੋਏ, ਡਾ. ਜੱਗੀ ਨੇ ਸੰਖੇਪ ਪਰ ਪ੍ਰਮਾਣਿਤ ਢੰਗ ਨਾਲ ਸਾਲ 2002 ਵਿੱਚ “ਗੁਰੂ ਗ੍ਰੰਥ ਵਿਸ਼ਵਕੋਸ਼” ਤਿਆਰ ਕੀਤਾ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਉਹਨਾਂ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ ਵਿੱਚ ਸਾਲ 2005 ਵਿੱਚ “ਸਿੱਖ ਪੰਥ ਵਿਸ਼ਵਕੋਸ਼” ਸ਼ਾਮਲ ਹੈ ਜਿਸ ਵਿੱਚ ਸਿੱਖ ਧਰਮ ਨਾਲ ਸੰਬੰਧਤ ਸ਼ਖਸੀਅਤਾਂ, ਮੁੱਖ ਮੁੱਦਿਆਂ ਅਤੇ ਤੱਥਾਂ ਬਾਰੇ ਇੰਦਰਾਜ ਸ਼ਾਮਲ ਹਨ ਅਤੇ ਇਸ ਨੂੰ ਪੰਜ ਸਿੰਘ ਸਾਹਿਬਾਨਂ ਵਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ, ਅੰਮ੍ਰਿਤਸਰ ਵਿੱਚ ਰਿਲੀਜ਼ ਕੀਤਾ ਗਿਆ। ਸਾਲ 2007 ਵਿੱਚ “ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ” ਤਿਆਰ ਕੀਤਾ ਗਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜ ਜਿਲਦਾਂ ਵਿੱਚ ਸੰਪੂਰਨ ਟੀਕਾ ਹੈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਲੀਜ਼ ਕੀਤਾ ਗਿਆ। ਉਹਨਾਂ ਦੀਆਂ ਇਹ ਰਚਨਾਵਾਂ ਗੁਰਬਾਣੀ ਦੇ ਖੇਤਰ ਵਿੱਚ ਵਿਸ਼ੇਸ਼ ਮਾਨਤਾ ਰੱਖਦੀਆਂ ਹਨ।
ਸਾਲ 2013 ਵਿੱਚ ਡਾ. ਜੱਗੀ ਨੇ 8 ਜਿਲਦਾਂ ਵਿੱਚ ਪ੍ਰਕਾਸ਼ਿਤ “ਭਾਵ ਪ੍ਰਬੋਧਨੀ ਟੀਕਾ- ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਥਾਰ ਸਹਿਤ ਟੀਕਾ ਤਿਆਰ ਕਰਕੇ ਸਮੁੱਚੀ ਮਨੁੱਖਤਾ ਲਈ ਗੁਰਬਾਣੀ ਦੇ ਖੇਤਰ ਵਿੱਚ ਆਪਣੀ ਸਭ ਤੋਂ ਵੱਡੀ ਸੇਵਾ ਨਿਭਾਈ। ਇਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਫਿਰ ਡੀ. ਲਿਟ (ਮਾਨ ਅਰਥ) ਦੀ ਡਿਗਰੀ ਵੀ ਦਿੱਤੀ ਗਈ। ਇਸ ਟੀਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸਤ੍ਰਿਤ ਵਿਆਖਿਆ ਹੈ ਜੋ ਕਿ ਮਾਨਵਤਾ ਲਈ ਬੇਹੱਦ ਅਹਿਮ ਸਿੱਧ ਹੋ ਰਹੀ ਹੈ। ਸਾਲ 2017 ਵਿੱਚ ਡਾ. ਜੱਗੀ ਨੇ ਇਸ ਟੀਕੇ ਦੀਆਂ ਪੰਜ ਜਿਲਦਾਂ ਨੂੰ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਕੀਤਾ।
ਸਾਲ 2023 ਵਿੱਚ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਭਾਰਤ ਦੇ ਰਾਸ਼ਟਰਪਤੀ ਵਲੋਂ “ਪਦਮ ਸ਼੍ਰੀ” ਸਨਮਾਨ ਨਾਲ ਨਵਾਜਿਆ ਗਿਆ।
3 ਡਾ. ਰਤਨ ਸਿੰਘ ਜੱਗੀ ਵਲੋਂ ਪੰਜਾਬੀ ਸਾਹਿਤ ਅਤੇ ਭਗਤੀ ਕਾਵਿ ਦੇ ਅਧਿਐਨ ਵਿਚ ਪਾਏ ਯੋਗਦਾਨ ਦੇ ਮੱਦੇਨਜ਼ਰ ਆਪ ਨੂੰ ਵੱਖ ਵੱਖ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ, ਜਿਵੇਂ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੰਨ 2014 ਦੀ ਕਾਨਵੋਕੇਸ਼ਨ ਵਿਚ ਡੀ. ਲਿਟ (ਮਾਨ ਅਰਥ) ਪ੍ਰਦਾਨ ਕੀਤੀ; ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸੰਨ 2015 ਦੀ ਕਾਨਵੋਕੇਸ਼ਨ ਵਿੱਚ ਡੀ. ਲਿਟ. (ਮਾਨ ਅਰਥ) ਡਿਗਰੀ ਪ੍ਰਦਾਨ ਕੀਤੀ; ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਡਾ. ਰਤਨ ਸਿੰਘ ਜੱਗੀ ਨੂੰ 2023 ਦੀ ਕਾਨਵੋਕੇਸ਼ਨ ਵਿੱਚ “ਗਿਆਨ ਰਤਨ ਅਵਾਰਡ” ਨਾਲ ਸਨਮਾਨਿਤ ਕੀਤਾ।
ਡਾ. ਰਤਨ ਸਿੰਘ ਜੱਗੀ ਦੁਆਰਾ ਪਾਏ ਗਏ ਵੱਡਮੁੱਲੇ ਯੋਗਦਾਨ ਲਈ ਬਹੁਤ ਸਾਰੀਆਂ ਸਰਕਾਰੀ, ਗੈਰ-ਸਰਕਾਰੀ, ਸਾਹਿਤਕ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਆਪ ਨੂੰ ਸਨਮਾਨਿਤ ਕੀਤਾ । ਇਨ੍ਹਾਂ ਸਨਮਾਨਾਂ ਵਿਚੋਂ ਕੁਝ ਵਿਸ਼ੇਸ਼ ਜਿਕਰਯੋਗ ਹਨ, ਜਿਵੇਂ ਕਿ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ ਸੰਨ 1989 ਵਿਚ ਰਾਸ਼ਟਰੀ ਅਨੁਵਾਦ ਪੁਰਸਕਾਰ ਦਿੱਤਾ ਗਿਆ, ਪੰਜਾਬ ਸਰਕਾਰ ਵੱਲੋਂ ਸੰਨ 1996 ਵਿਚ ਸਰਵੋਤਮ ਸੂਬਾਈ ਸਨਮਾਨ ‘ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ’ (ਨਵਾਂ ਨਾਮਾਂਤਰ ਪੰਜਾਬੀ ਸਾਹਿਤ ਰਤਨ) ਦਿੱਤਾ ਗਿਆ, ਹਿੰਦੀ ਸੰਸਥਾਨ (ਉਤਰ ਪ੍ਰਦੇਸ਼ ਸਰਕਾਰ, ਲਖਨਊ) ਵਲੋਂ ਸੰਨ 1996 ਵਿਚ ਹਿੰਦੀ ਅਤੇ ਪੰਜਾਬੀ ਵਿੱਚ ਪਾਏ ਯੋਗਦਾਨ ਲਈ ’ਸੌਹਾਰਦ ਪੁਰਸਕਾਰ’ ਦਿੱਤਾ ਗਿਆ, ਪੰਜਾਬੀ ਅਕਾਦਮੀ, ਦਿੱਲੀ ਸਰਕਾਰ ਵਲੋਂ ਸੰਨ 2010 ਵਿਚ ‘ਪਰਮ ਸਾਹਿਤ ਸਤਕਾਰ ਸਨਮਾਨ‘ ਦਿੱਤਾ ਗਿਆ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਸੰਨ 1999 ਵਿਚ ‘ਧਾਲੀਵਾਲ ਪੁਰਸਕਾਰ’ ਦਿੱਤਾ ਗਿਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸੰਨ 2013 ਵਿਚ ’ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ’ ਦਿੱਤਾ ਗਿਆ, ਨਾਮਧਾਰੀ ਦਰਬਾਰ, ਭੈਣੀ ਸਾਹਿਬ ਵੱਲੋਂ 2000 ਅਤੇ 2004 ਵਿਚ ਦੋ ਵਾਰ ‘ਆਸ਼ੀਰਵਾਦ ਪੁਰਸਕਾਰ’ ਦਿੱਤੇ ਗਏ, ਭਾਈ ਮੋਹਨ ਸਿੰਘ ਵੈਦ ਸਾਹਿਤ ਕੇਂਦਰ ਵਲੋਂ 1981 ਵਿੱਚ “ਸ਼੍ਰੋਮਣੀ ਸਾਹਿਤਕਾਰ ਪੁਰਸਕਾਰ” ਦਿੱਤਾ ਗਿਆ, ਪੰਜਾਬ ਕਲਾ ਪਰਿਸ਼ਦ ਵਲੋਂ 2022 ਵਿੱਚ “ਪੰਜਾਬ ਗੌਰਵ” ਸਨਮਾਨ ਦਿੱਤਾ ਗਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਵਲੋਂ 2019 ਵਿੱਚ “ ਸ੍ਰੀ ਗੁਰੂ ਨਾਨਕ ਦੇਵ ਜੀ ਅਚੀਵਰਜ ਅਵਾਰਡ” ਦਿੱਤਾ ਗਿਆ। ਇਨ੍ਹਾਂ ਇਨਾਮਾਂ ਤੋਂ ਇਲਾਵਾ ਆਪ ਨੂੰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਾਲਾਂ ਵਿਚ ਅੱਠ ਪੁਸਤਕਾਂ ਉਤੇ ਪ੍ਰਥਮ ਪੁਰਸਕਾਰ ਦਿੱਤੇ ਗਏ ਅਤੇ ਇਕ ਪੁਸਤਕ ਉਤੇ ਭਾਸ਼ਾ ਵਿਭਾਗ ਹਰਿਆਣਾ ਸਰਕਾਰ ਵਲੋਂ ਵੀ ਪ੍ਰਥਮ ਪੁਰਸਕਾਰ ਪ੍ਰਾਪਤ ਹੋਇਆ ਅਤੇ ਪੰਜਾਬੀ ਸਾਹਿਤ ਸਮੀਖਿਆ ਬੋਰਡ ਵਲੋਂ ਡਾ. ਜੱਗੀ ਦੀਆਂ 2 ਕਿਤਾਬਾਂ ਉੱਪਰ ਪ੍ਰਥਮ ਪੁਰਸਕਾਰ ਦਿੱਤਾ ਗਿਆ। ਉਪਰੋਕਤ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਨੇ ਸੰਨ 2012 ਵਿਚ ਡਾ. ਜੱਗੀ ਨੂੰ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਸੰਨ 2007 ਵਿਚ ਫੈਲੋਸਿਪ ਦਿੱਤੀ। ਆਪ ਦੀ ਸਾਹਿਤਕ ਦੇਣ ਨੂੰ ਮੁਖ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ 24.11.2013 ਨੂੰ ਸਥਾਪਨਾ ਦਿਵਸ ਦੇ ਮੌਕੇ ‘ਤੇ ਵਿਸੇਸ਼ ਰੂਪ ਵਿਚ ਸਨਮਾਨਿਤ ਕੀਤਾ ਅਤੇ 05.12.2013 ਨੂੰ ਚੀਫ ਖਾਲਸਾ ਦੀਵਾਨ, ਅੰਮ੍ਰਿਤਸਰ ਨੇ ਵੀ ਆਪ ਨੂੰ ਪੰਜਾਬੀ ਸਾਹਿਤ ਦੀ ਅਦੁੱਤੀ ਖੋਜ ਲਈ ਸਨਮਾਨਿਤ ਕੀਤਾ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨਿਟ, ਸਿੰਡੀਕੇਟ, ਅਕਾਦਮਿਕ ਬੋਰਡਾਂ, ਫੈਕਲਟੀਆਂ ਦੇ ਮੈਂਬਰ ਰਹੇ ਹਨ। ਇਸ ਤੋਂ ਇਲਾਵਾ ਦੂਰਦਰਸ਼ਨ, ਆਕਾਸ਼ਵਾਣੀ ਦੇ ਪ੍ਰੋਗਰਾਮਾਂ ਵਿਚ ਨਿਰੰਤਰ ਭਾਗ ਲੈਂਦੇ ਰਹੇ। ਮਹਾਨ ਸਾਹਿਤਕਾਰ, ਡਾ. ਰਤਨ ਸਿੰਘ ਜੱਗੀ ਨੇ 150 ਤੋਂ ਵੱਧ ਕਿਤਾਬਾਂ ਲਿਖੀਆਂ ਤੇ 98 ਸਾਲ ਦੀ ਉਮਰ ਦੇ ਬਾਵਜੂਦ, ਅੰਤ ਤੱਕ ਵੀ ਸਮਾਜ ਨੂੰ ਸੇਧਪੂਰਨ, ਮਿਸਾਲੀ ਸਾਹਿਤਕ ਸੇਵਾਵਾਂ ਦੇ ਸਮਰਪਿਤ ਕਰਨ ਦੇ ਆਪਣੇ ਮਿਸ਼ਨ ਨੂੰ ਪੂਰੀ ਸੁਹਿਰਦਤਾ, ਤਨਦੇਹੀ ਅਤੇ ਅਣਥੱਕ ਲਗਨ ਨਾਲ ਜਾਰੀ ਰੱਖਿਆ। ਸੰਖੇਪ ਵਿੱਚ ਡਾ. ਰਤਨ ਸਿੰਘ ਜੱਗੀ ਦਾ ਭਗਤੀ ਕਾਵਿ ਅਤੇ ਪੰਜਾਬੀ ਸਾਹਿਤ ਦੇ ਅਧਿਐਨ ਖੋਜ
4 ਵਿੱਚ ਪਾਇਆ ਯੋਗਦਾਨ ਸਚਮੁੱਚ ਪਰਮ ਉਤਕਿਸ਼ਟ ਪੱਧਰ ਦਾ ਹੈ ਅਤੇ ਨਿਸ਼ਚੇ ਹੀ ਉਹ ਸਾਹਿਤ ਜਗਤ ਦੇ ਅਨਮੋਲ ਰਤਨ ਸਨ।
ਉਹ ਭਾਰਤੀ ਸਾਹਿਤ, ਸਿੱਖ ਧਰਮਸ਼ਾਸਤਰ ਅਤੇ ਤੁਲਨਾਤਮਕ ਧਾਰਮਿਕ ਅਧਿਐਨ ਦੇ ਖੇਤਰ ਵਿੱਚ ਇਕ ਬੇਮਿਸਾਲ ਸ਼ਖਸੀਅਤ ਸਨ। ਇਕ ਵਿਖਿਆਤ ਵਿਦਵਾਨ, ਸਾਹਿਤਕਾਰ, ਅਧਿਆਪਕ ਅਤੇ ਕਈ ਪੀੜ੍ਹੀਆਂ ਲਈ ਮਾਰਗਦਰਸ਼ਕ ਦੇ ਸਰੋਤ ਸਤਿਕਾਰਯੋਗ ਡਾ. ਰਤਨ ਸਿੰਘ ਜੱਗੀ ਸਾਡੇ ਲਈ ਸਥਾਈ ਵਿਰਾਸਤ ਵਜੋਂ ਵਿਦਵਤਾ, ਨਿਮਰਤਾ ਅਤੇ ਗਿਆਨ ਦੀ ਸੇਵਾ ਨਿਭਾਉਂਦੇ ਹੋਏ 22 ਮਈ 2025 ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜੀਵਨ ਵਿਅਕਤੀਗਤ ਮੁਲਾਂ ਦੁਆਰਾ ਨਿਰਦੇਸ਼ਿਤ ਸੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀਆਂ ਨਿਸ਼ਾਨੀਆਂ ਸਮੁੱਚੀ ਮਾਨਵ ਜਾਤ ਦੀ ਵਿਰਾਸਤ ਦਾ ਹਮੇਸ਼ਾ ਅਹਿਮ ਹਿੱਸਾ ਰਹਿਣਗੀਆਂ।
