ਡਾ. ਰਤਨ ਸਿੰਘ ਜੱਗੀ

ਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਨਾਂ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਉੱਘੇ ਵਿਦਵਾਨਾਂ ਅਤੇ ਗੁਰਮਤਿ ਤੇ ਭਗਤੀ ਲਹਿਰ ਦੇ ਮਾਹਰਾਂ ਵਿੱਚ ਸ਼ੁਮਾਰ ਹੈ। ਡਾ. ਰਤਨ ਸਿੰਘ ਜੱਗੀ ਨੇ ਦ੍ਰਿੜ ਇਰਾਦੇ ਨਾਲ ਆਪਣਾ ਸਮੁੱਚਾ ਜੀਵਨ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਮੱਧਕਾਲੀਨ ਸਾਹਿਤ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ, ਲਿਖਣ ਤੇ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਭਗਤੀ ਲਹਿਰ ਸੰਬੰਧੀ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨ ਲਈ ਸਮਰਪਿਤ  ਕਰਕੇ ਭਰਪੂਰ ਯੋਗਦਾਨ ਪਾਇਆ।

                        ਡਾ. ਰਤਨ ਸਿੰਘ ਜੱਗੀ ਦਾ ਜਨਮ 27 ਜੁਲਾਈ 1927 ਨੂੰ ਪੱਛਮੀ ਪੰਜਾਬ (ਹੁਣ ਪਾਕਿਸਤਾਨ)  ਦੇ ਪਿੰਡੀਘੇਬ ਕਸਬੇ ਵਿੱਚ ਹੋਇਆ। ਦੇਸ਼ ਵੰਡ ਤੋਂ ਬਾਦ ਅਤਿਅੰਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਾਰੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦੇ ਹੋਏ ਆਪਣੀ ਅੱਗੇ ਪੜ੍ਹਨ ਦੀ ਤਮੰਨਾ ਨੂੰ ਦ੍ਰਿੜਤਾ ਨਾਲ ਪੂਰਿਆ ਅਤੇ ਦਿੱਲੀ ਜਾ ਕੇ ਐਮ.ਏ ਪੰਜਾਬੀ (1955) ਅਤੇ ਐਮ.ਏ ਹਿੰਦੀ (1957) ਦੇ ਇਮਤਿਹਾਨ ਪਾਸ ਕੀਤੇ ਅਤੇ ਪੱਤਰਕਾਰੀ ਵਿਚ ਵੀ ਡਿਪਲੋਮਾ ਹਾਸਲ ਕੀਤਾ। ਇਸ ਨਾਲ ਹੀ ਬੀ.ਏ. ਦੇ ਵਾਧੂ ਵਿਸ਼ੇ ਵਜੋਂ ਸੰਸਕ੍ਰਿਤ ਅਤੇ ਫਾਰਸੀ ਦੀਆਂ ਪਰੀਖਿਆਵਾਂ ਵੀ ਪਾਸ ਕੀਤੀਆਂ। ਇਸ ਵਿਦਿਅਕ ਪ੍ਰਾਪਤੀ ਤੋਂ ਬਾਦ 1957 ਵਿੱਚ ਹਿੰਦੂ ਕਾਲਜ, ਸੋਨੀਪਤ ਵਿਚ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਚੁਣ ਲਏ ਜਾਣ ‘ਤੇ ਸਰਕਾਰੀ ਕਾਲਜ, ਹਿਸਾਰ ਵਿਚ 1958 ਵਿੱਚ ਲੈਕਚਰਾਰ ਲੱਗੇ। ਤਦ ਉਪਰੰਤ ਸੰਨ 1963 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੰਜਾਬੀ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਸੰਨ 1987 ਵਿਚ ਉਥੋਂ ਹੀ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਅਤੇ ਮੁੱਖ ਸੰਪਾਦਕ ‘ਖੋਜ ਪਤ੍ਰਿਕਾ’ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾਮੁਕਤ ਹੋਏ।  ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਦੀ ਗੂੜ੍ਹੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹਨਾਂ ਨੇ ਕਿਤਾਬਾਂ, ਟੀਕਾਕਾਰੀ ਅਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਵਿਆਪਕ ਅਤੇ ਗਿਆਨ ਭਰਪੂਰ ਯੋਗਦਾਨ ਪਾਇਆ।

                         ਉਹਨਾਂ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸ਼ਮ ਗ੍ਰੰਥ ਕੀ ਪੌਰਾਣਿਕ ਪਰਿਸ਼ਟਭੂਮੀ” (ਦਸ਼ਮ ਗ੍ਰੰਥ ਵਿਚਲੀਆਂ ਪੌਰਾਣਿਕ ਕ੍ਰਿਤੀਆਂ ਦਾ ਆਲੋਚਨਾਤਮਕ ਅਧਿਐਨ) ਵਿਸ਼ੇ ‘ਤੇ ਪੀ.ਐਚ.ਡੀ. ਕੀਤੀ ਅਤੇ “ਦਸ਼ਮ ਗ੍ਰੰਥ ਦਾ ਪੌਰਾਣਿਕ ਅਧਿਐਨ” ਨਾਮੀ ਪੁਸਤਕ  1965 ਵਿੱਚ ਸਾਹਿਤ ਜਗਤ ਦੀ ਝੋਲੀ ਪਾਈ, ਜਿਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਪੂਰ ਸ਼ਲਾਘਾ ਹਾਸਲ ਹੋਈ।  13 ਅਪ੍ਰੈਲ, 1999, ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਦੇ ਮੌਕੇ ਤੇ ਉਹਨਾਂ ਨੇ ਪੰਜ ਜਿਲਦਾਂ ਵਿੱਚ “ਦਸ਼ਮ ਗ੍ਰੰਥ ਦਾ ਟੀਕਾ” ਪੇਸ਼ ਕੀਤਾ। ਬਾਦ ਵਿੱਚ ਹਿੰਦੀ ਵਿੱਚ ਵੀ ਪੰਜ ਜਿਲਦਾਂ ਵਿੱਚ ਇਹ ਟੀਕਾ ਪੇਸ਼ ਕੀਤਾ। ਦੋਵੇਂ ਟੀਕੇ ਗੋਬਿੰਦ ਸਦਨ, ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ। ਉਹ ਦਸ਼ਮ ਗ੍ਰੰਥ ਦੇ ਗੂੜ੍ਹ ਗਿਆਤਾ ਸਨ ਅਤੇ ਇਸ ਵਿਸ਼ੇ ਤੇ ਅਥਾਰਟੀ ਵਜੋਂ ਜਾਣੇ ਜਾਂਦੇ ਸਨ।

                        ਡਾ. ਜੱਗੀ ਨੇ 1973 ਵਿੱਚ ਮਗਧ ਯੂਨੀਵਰਸਿਟੀ, ਬੋਧ-ਗਯਾ ਤੋਂ ਹਿੰਦੀ ਵਿੱਚ “ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” (ਗੁਰੂ ਨਾਨਕ: ਸ਼ਖਸੀਅਤ, ਰਚਨਾ ਅਤੇ ਸਿੱਖਿਆਵਾਂ) ਵਿਸ਼ੇ ‘ਤੇ ਡੀ.ਲਿਟ. ਦੀ ਡਿਗਰੀ ਹਾਸਲ ਕੀਤੀ। ਸਮਾਜ ਪ੍ਰਤੀ ਆਪਣੇ ਸਾਹਿਤਕ ਯੋਗਦਾਨ ਨੂੰ ਜਾਰੀ ਰੱਖਦਿਆਂ ਅਤੇ ਹੋਰ ਪੂਰਨੇ ਪਾਉਂਦਿਆਂ ਉਹਨਾਂ ਨੇ ਸੇਵਾ ਅਤੇ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਈ ਕਿਤਾਬਾਂ ਲਿਖੀਆਂ । ਉਹਨਾਂ ਨੇ ਗੁਰੂ ਨਾਨਕ ਬਾਣੀ ਤੇ ਅਧਾਰਿਤ ਪਹਿਲੀ ਰਚਨਾ”ਗੁਰੂ ਨਾਨਕ:ਜੀਵਨੀ ਅਤੇ ਵਿਅਕਤਿਤਵ” ਅਤੇ ਦੂਜੀ ਪੁਸਤਕ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਪ੍ਰਕਾਸ਼ਿਤ ਕੀਤੀ ਅਤੇ ਇਹਨਾਂ ਦੋਵੇਂ ਰਚਨਾਵਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਲੋਂ ਰਚਿਤ  ਪੁਸਤਕ “ਗੁਰੂ ਨਾਨਕ ਬਾਣੀ: ਪਾਠ ਅਤੇ ਵਿਆਖਿਆ” ਨੂੰ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ।

                        ਪਵਿੱਤਰ ਗ੍ਰੰਥ “ਤੁਲਸੀ ਰਾਮਾਇਣ” (ਰਾਮ ਚਰਿਤ ਮਾਨਸ) ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ ਕਰਨਾ ਡਾ. ਰਤਨ ਸਿੰਘ ਜੱਗੀ ਵੱਲੋਂ ਸਾਹਿਤ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਵਿੱਚੋਂ ਅਤਿ ਮਹੱਤਵਪੂਰਨ ਹੈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ 1977 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਕਿਤਾਬ ਉਪਰ ਡਾ. ਜੱਗੀ ਨੂੰ 1989 ਵਿੱਚ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।